ਵਾਲੀਆਂ ਝਪਟਣ ਵਾਲਾ ਨਸ਼ੇੜੀ ਮੌਕੇ ’ਤੇ ਆਇਆ ਕਾਬੂ,ਰਾਹਗੀਰ ਅਤੇ ਲੁਟਰੇ ਦੇ ਆਪੋ ‘ਚ ਫਸੇ ਮੋਟਰਸਾਈਕਲ,ਰਾਹਗੀਰ ਨੇ ਡਿੱਗੇ ਪਏ ਲੁਟੇਰੇ ਨੂੰ ਕੀਤਾ ਕਾਬੂ

Tags: 

ਮੋਗਾ,19 ਜੂਨ (ਜਸ਼ਨ): ਮੋਗਾ ਦੇ ਪਿੰਡ ਬੀੜ ਰਾਊਕੇ ਨੇੜੇ ਮੋਟਰਸਾਈਕਲ ਸਵਾਰ ਦੀ ਪਤਨੀ ਦੀਆਂ ਸੋਨੇ ਦੀਆਂ ਵਾਲੀਆਂ ਝਪਟਣ ਵਾਲਾ ਮੌਕੇ ਤੇ ਕਾਬੂ ਆ ਗਿਆ । ਪਿੰਡ ਭਿੰਡਰ ਕਲਾਂ ਦੇ ਜਗਤਾਰ ਸਿੰਘ ਨੇ ਸਾਡਾ ਮੋਗਾ ਡਾਟ ਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨਾਂ ਦੀ ਸਕੀ ਭੈਣ ਦੀ ਮੌਤ ਹੋ ਗਈ ਸੀ ਅਤੇ ਬੀਤੀ ਸ਼ਾਮ ਉਹ ਮੱਧੇਕੇ ਪਿੰਡ ਵਿਖੇ ਭੋਗ ਤੋਂ ਵਾਪਸ ਆਪਣੇ  ਪਿੰਡ ਭਿੰਡਰ ਕਲਾਂ ਲਈ ਰਵਾਨਾ ਹੋਏ।  ਮੋਟਰਸਾਈਕਲ ਤੇ ਜਗਤਾਰ ਸਿੰਘ, ਉਸ ਦੀ ਪਤਨੀ ਸਤਪਾਲ ਕੌਰ ਅਤੇ ਭੂਆ ਬਿਸ਼ਨ ਕੌਰ ਵੀ ਸਵਾਰ ਸਨ । ਉਸ ਨੇ ਦੱਸਿਆ ਕਿ ਜਦੋਂ ਉਹ ਪਿੰਡ ਬੀੜ ਰਾਊਕੇ ਦੀ ਗਊਸ਼ਾਲਾ ਕੋਲ ਜਾ ਰਹੇ ਸਨ ਤਾਂ ਪਿੱਛਾ ਕਰ ਰਹੇ ਨੌਜਵਾਨ ਮੋਟਰਸਾਈਕਲ ਸਵਾਰ ਨੇ ਝਪਟ ਮਾਰ ਕੇ ਉਸ ਦੀ ਪਤਨੀ ਦੇ ਕੰਨ ਚੋਂ ਵਾਲੀ ਖਿੱਚ ਲਈ । ਇਸ ਨਾਲ ਕੰਨ ਪੱਟਿਆ ਗਿਆ ਅਤੇ ਜਗਤਾਰ ਦਾ ਮੋਟਰਸਾਈਕਲ ਵੀ ਡੋਲ ਗਿਆ।  ਇਸੇ ਦੌਰਾਨ ਵਾਲੀ ਖਿੱਚਣ ਤੋਂ ਬਾਅਦ ਲੁਟੇਰੇ ਨੇ ਅਪਣਾ ਮੋਟਰਸਾਈਕਲ ਤੇਜ਼ ਕਰਕੇ ਭਜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦਾ ਮੋਟਰਸਾਈਕਲ ਜਗਤਾਰ ਸਿੰਘ ਦੇ ਮੋਟਰਸਾਈਕਲ ਵਿੱਚ ਫਸ ਗਿਆ ਅਤੇ ਦੋਨੋਂ ਮੋਟਰਸਾਈਕਲ ਸੜਕ ਤੇ ਡਿੱਗ ਪਏ ,ਜਿਸ ਨਾਲ ਮੋਟਰਸਾਈਕਲ ਸਵਾਰ ਚਾਰੋ ਜਣੇ ਜ਼ਖਮੀ ਹੋ ਗਏ । ਜਗਤਾਰ ਸਿੰਘ ਨੇ ਦੱਸਿਆ ਕਿ ਜ਼ਖਮੀ ਹਾਲਤ ਵਿਚ ਹੀ ਉਸ ਨੇ ਉੱਠ ਕੇ ਆਪਣੀ ਪਤਨੀ ਅਤੇ ਭੂਆ ਨੂੰ ਸੰਭਾਲਣ ਦੀ ਬਜਾਏ ਮੋਟਰਸਾਈਕਲ ‘ਚ ਫਸੇ ਲੁਟੇਰੇ ਨੂੰ ਕਾਬੂ ਕੀਤਾ ਅਤੇ ਇਸੇ ਦੌਰਾਨ ਹੋਰ ਲੋਕ ਵੀ ਆ ਗਏ ਅਤੇ ਬੀੜ ਰਾਊਕੇ ਦੇ ਸਰਪੰਚ ਨੂੰ ਬੁਲਾ ਕੇ ਲੁਟੇਰੇ ਨੂੰ ਨਿਹਾਲ ਸਿੰਘ ਵਾਲਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ।  ਇਸ ਘਟਨਾ ਚ ਜਗਤਾਰ ਸਿੰਘ, ਉਸ ਦੀ ਪਤਨੀ ਅਤੇ ਉਸ ਦੀ ਭੂਆ ਰਗੜਾਂ ਲੱਗਣ ਕਾਰਨ ਜ਼ਖ਼ਮੀ ਹੋ ਗਏ । ਤਫਤੀਸ਼ੀ ਅਫਸਰ ਏ ਐੱਸ ਆਈ ਦਰਸ਼ਨ ਸਿੰਘ ਨੇ ਸਾਡਾ ਮੋਗਾ ਡਾਟ ਕਾਮ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦੇ ਦੱਸਿਆ ਕਿ ਲੁਟੇਰੇ ਦੀ ਪਹਿਚਾਣ ਅਮਨਦੀਪ ਸਿੰਘ ਦੀਪੀ ਪੁੱਤਰ ਪ੍ਰੀਤਮ ਸਿੰਘ ਵਾਸੀ ਰਾਮੂਵਾਲਾ ਕਲਾਂ ਵਜੋਂ ਹੋਈ ਹੈ ।   ਉਨਾਂ ਦੱਸਿਆ ਕਿ ਲੁਟੇਰੇ ਨੇ ਇੰਕਸ਼ਾਫ ਕੀਤਾ ਹੈ ਕਿ ਉਸ ਨੇ ਕਿਸ਼ਤਾਂ ਤੇ ਮੋਟਰਸਾਈਕਲ ਲਿਆ ਸੀ ਤੇ ਹੁਣ ਕਿਸ਼ਤ ਦੇਣ ਵਾਲੀ ਸੀ ਪਰ ਪੈਸੇ ਦਾ ਪ੍ਰਬੰਧ ਨਹੀਂ ਹੋ ਰਿਹਾ ਸੀ ਜਿਸ ਕਰਕੇ ਉਸ ਨੇ ਇਹ ਗੈਰਕਾਨੂੰਨੀ ਰਸਤਾ ਅਖਤਿਆਰ ਕੀਤਾ । ਲੁਟੇਰੇ ਨੇ ਇਹ ਵੀ ਮੰਨਿਆ ਕਿ ਪਹਿਲਾਂ ਉਹ ਚਿੱਟੇ ਦਾ ਨਸ਼ਾ ਕਰਦਾ ਸੀ ਪਰ ਹੁਣ ਚਿੱਟਾ ਮਹਿੰਗਾ ਹੋਣ ਕਰਕੇ ਉਹ ਚਿੱਟਾ ਛੱਡ ਕੇ ਨਸ਼ੇ ਦੀਆਂ ਗੋਲੀਆਂ ’ਤੇ ਨਿਰਭਰ ਹੋ ਗਿਆ ਹੈ। ਉਸ ਨੇ ਮੰਨਿਆ ਕਿ ਅੱਜ ਵਾਲੀਆਂ ਖੋਹਣ ਤੋਂ ਪਹਿਲਾਂ ਵੀ ਉਸ ਨੇ ਗੋਲੀ ਖਾਧੀ ਸੀ । ਪੁਲਿਸ ਨੇ ਲੁਟੇਰੇ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ ਜਿੱਥੇ ਜੱਜ ਸਾਹਿਬ ਵੱਲੋਂ ਉਸ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ  ।   ****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ