ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲਿਆਂ ਦੀ ਬਰਸੀ ਅੱਜ

ਮੋਗਾ ,18 ਜੂਨ (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) ਚੰਦ ਪੁਰਾਣਾ ਦਾ ਨਾਮ ਚਿੱਤਵਦਿਆਂ ਹੀ ਇਕ ਨੂਰਾਨੀ ਚਿਹਰਾ ,ਮੁਸਕਰਾਉਂਦਿਆਂ ਹੋਇਆਂ ,ਅੱਖਾਂ ਸਾਹਵੇਂ ਆ ਖਲੋਂਦਾ ਹੈ। ਹਰ ਕਿਸੇ ਨੂੰ ਮਣਾਂ ਮੂੰਹੀਂ ਪਿਆਰ ਨਾਲ ਕਲਾਵੇ ਵਿੱਚ ਲੈਣ ਵਾਲੀ ਸ਼ਖ਼ਸੀਅਤ 18 ਜੂਨ 2011 ਵਿੱਚ ਇਸ ਫਾਨੀ ਦੁਨੀਆਂ ਤੋਂ ਸਰੀਰ ਕਰਕੇ ਰੁਖਸਤ ਹੋ ਗਈ ਪਰ ਅੱਜ ਵੀ ਗਰੀਬਾਂ ,ਦੁਖਿਆਰਿਆਂ ਅਤੇ ਚਾਹੁਣ ਵਾਲਿਆਂ ਦੇ ਮਨਾਂ ਵਿੱਚ ਵੱਸਦੀ ਹੈ ਇਸ ਦਰਵੇਸ਼ ਦੀ ਮੂਰਤ । ਹਾਂ, ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲੇ ,ਚੰਦ ਪੁਰਾਣਾ ਦੇ ਗੁਰਦੁਆਰਾ ਸਾਹਿਬ ,ਸ਼ਹੀਦ ਬਾਬਾ ਤੇਗਾ ਸਿੰਘ ਚੰਦ ਪੁਰਾਣਾ ਵਿਖੇ ,ਬਾਬਾ ਤੇਗਾ ਸਿੰਘ ਦੀ, ਲਾਮਿਸਾਲ ਕੁਰਬਾਨੀ ਨੂੰ ਲੁਕਾਈ ਸਾਹਵੇਂ ਲਿਆਉਂਦਿਆਂ ਲਿਆਉਂਦਿਆਂ, ਖੁਦ ਵੀ ਲੋਕਾਂ ਚ ਅਜਿਹੀ ਸ਼ਖ਼ਸੀਅਤ ਵਜੋਂ ਉੱਭਰੇ ਜਿਸ ਨੇ ਸੇਵਾ ਅਤੇ ਸਿਮਰਨ ਦੇ ਰਾਹ ਨੂੰ ਨਾ ਸਿਰਫ ਖੁਦ ਅਪਣਾਇਆ ਬਲਕਿ ਸੰਗਤਾਂ ਨੂੰ ਵੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਨ ,ਸੁਣਨ ਅਤੇ  ਵਿਚਾਰਨ ਉਪਰੰਤ ਅਮਲ ਕਰਨ ਦੀ ਪ੍ਰੇਰਨਾ ਕੀਤੀ। ਗੁਰਦੁਆਰਾ ਸ਼ਹੀਦ ਬਾਬਾ ਤੇਗ਼ਾ ਸਿੰਘ ਚੰਦ ਪੁਰਾਣਾ ਨੂੰ ਪੂਰੀ ਦੁਨੀਆਂ ਵਿੱਚ ਗੁਰਮਤਿ ਦੇ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੇਂਦਰ ਵੱਜੋਂ ਪ੍ਰਸਿੱਧ ਕਰਨ ਵਾਲੇ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਚੰਦ ਪੁਰਾਣਾ ਦਾ ਜਨਮ ਮੋਗਾ ਜ਼ਿਲ੍ਹੇ ਦੇ ਪਿੰਡ ਚੰਦ ਪੁਰਾਣਾ ਚ ਮਾਤਾ ਮੁਖਤਿਆਰ ਕੌਰ ਦੀ ਕੁੱਖੋਂ ਪਿਤਾ ਭਜਨ ਸਿੰਘ ਦੇ ਘਰ 1970 ਵਿੱਚ ਹੋਇਆ ।ਆਪ ਜੀ ਦੇ ਦੋ ਭਰਾ ਭਾਈ ਗੁਰਦੀਪ ਸਿੰਘ ਅਤੇ ਭਾਈ ਚਮਕੌਰ ਸਿੰਘ ਨੇ ਜਿਨ੍ਹਾਂ ਵਿੱਚ  ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਵਾਲੇ ਮੁੱਖ ਸੇਵਾਦਾਰ ਵਜੋਂ ਮੌਜੂਦਾ ਸਮੇਂ ਵਿਚ ਇਸ ਗੁਰਦੁਆਰਾ ਸਾਹਿਬ ਵਿਚ ਸੇਵਾ ਨਿਭਾ ਰਹੇ ਹਨ । ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲੇ ਵਾਲਿਆਂ  ਨੇ ਆਪਣੇ ਜੀਵਨ ਦੌਰਾਨ  ਬਿਰਧ ਆਸ਼ਰਮ ,ਹਸਪਤਾਲ ,ਸੰਗਤਾਂ ਲਈ ਕਮਰੇ, ਸੁੰਦਰ ਪਹਾੜੀ ,ਵਿਸ਼ਾਲ ਲੰਗਰ ਦੀ ਇਮਾਰਤ ,ਅਜਾਇਬ ਘਰ , ਗੁਰਦੁਆਰਾ ਸਾਹਿਬ ਦਾ ਬਹੁਤ ਹੀ ਸੁੰਦਰ ਦਰਬਾਰ ਹਾਲ ਅਤੇ ਪੰਜ ਮੰਜ਼ਿਲੀ ਇਮਾਰਤ ਤਿਆਰ ਕਰ ਕਰਵਾਈ ।ਬਾਬਾ ਜੀ ਨੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕੀਤਾ ਅਤੇ ਉਹ ਤਮਾਮ ਉਮਰ ਗ਼ਰੀਬ ਤੇ ਲੋੜਵੰਦ ਲੋਕਾਂ ਦੀ ਹਰ ਪ੍ਰਕਾਰ ਨਾਲ ਸੇਵਾ ਕਰਦੇ ਰਹੇ । ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲੇ ਵਾਲਿਆਂ ਦੀ ਯਾਦ ਚ ਹਰ ਸਾਲ ਅੰਗਹੀਣ ਵਿਅਕਤੀਆਂ ਨੂੰ ਮੁਫ਼ਤ ਟਰਾਈ ਸਾਈਕਲ ਵੰਡੇ ਜਾਂਦੇ ਹਨ। ਪੁੰਨਿਆਂ ਦੇ ਦਿਹਾੜੇ ਤੇ ਅੰਮ੍ਰਿਤ ਸੰਚਾਰ ਕਰਵਾਇਆ ਜਾਂਦਾ ਹੈ ।ਅੱਜ ਚੰਦ ਪੁਰਾਣਾ ਦੇ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਵਿਖੇ ,ਸੰਤ ਬਾਬਾ ਨਛੱਤਰ ਸਿੰਘ ਚੰਦ ਪੁਰਾਣੇ ਵਾਲੇ ਵਾਲਿਆਂ ਦੀ ਨਿੱਘੀ ਤੇ ਮਿੱਠੀ ਯਾਦ ਵਿਚ, ਵਿਸ਼ਾਲ ਗੁਰਮਤਿ ਸਮਾਗਮ ਕਰਵਾਏ ਜਾ ਰਹੇ ਹਨ।
ਪੇਸ਼ਕਸ਼ : ਤੇਜਿੰਦਰ ਸਿੰਘ ਜਸ਼ਨ 98727 54321