ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ 24 ਸਾਲਾ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਵਤਨ ਪੁੱਜੀ, ਹੁਣ ਤੱਕ ਟਰੱਸਟ 117 ਬਦਨਸੀਬ ਨੌਜੁਆਨਾਂ ਦੀਆਂ ਮ੍ਰਿਤਕ ਦੇਹਾਂ ਵਾਰਿਸਾਂ ਤੱਕ ਪਹੁਚਾ ਚੁੱਕਾ- ਸੰਧੂ, ਘਈ

ਅੰਮ੍ਰਿਤਸਰ/ ਜੰਡਿਆਲਾ ਗੁਰੂ  15 ਜੂਨ (ਰਾਮ ਸ਼ਰਨਜੀਤ ਸਿੰਘ, ਸੁਖਜਿੰਦਰ ਸਿੰਘ ) ਰੋਜੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ ਪੁੱਜੇ 24 ਸਾਲਾ ਗੁਰਭੇਜ ਸਿੰਘ ਸਿੱਧੂ ਪੁੱਤਰ ਜਗਤਾਰ ਸਿੰਘ ਜੋ ਪਿਛਲੇ ਦਿਨੀਂ ਦੁਬਈ ਵਿਖੇ ਹੀ ਮੌਤ ਦੇ ਮੂੰਹ ਜਾ ਪਿਆ ਸੀ ਦੀ ਮ੍ਰਿਤਕ ਦੇਹ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾ: ਐਸ.ਪੀ. ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੀ। ਫਿਰੋਜਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਗੁਰਭੇਜ ਸਿੰਘ ਹਾਲੇ ਢਾਈ ਸਾਲ ਪਹਿਲਾਂ ਹੀ  ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਾਉਣ ਦੇ ਸੁਪਨੇ ਦਿਲ 'ਚ ਸਮੋਈ ਤੇ ਬਜੁਰਗ ਮਾਂ-ਪਿਉ ਦੀ ਢਰਾਸ ਬਨਣ ਲਈ ਮਜਦੂਰੀ ਕਰਨ ਦੁਬਈ ਗਿਆ ਸੀ ਕਿ ਅਚਾਨਕ ਬੀਤੀ 28 ਮਈ ਨੂੰ ਪਤਾ ਲੱਗਾ ਕਿ ਉਸਦੀ ਮੌਤ ਹੋ ਗਈ ਹੈ।ਜਦ ਭਾਰਤ ਰਹਿੰਦੇ ਉਸਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਆਪਣੀ ਪਤਲੀ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ  ਟਰੱਸਟ ਦੇ ਸਰਪ੍ਰਸਤ ਡਾ: ਓਬਰਾਏ ਨਾਲ ਸੰਪਰਕ ਕਰਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜੋਈ ਕੀਤੀ ਸੀ, ਜਿਸਤੇ ਕਾਰਵਾਈ ਕਰਦਿਆਂ ਡਾ: ਓਬਰਾਏ ਤੇ ਉਨ੍ਹਾਂ ਦੀ ਟੀਮ ਨੇ ਦੁਬਈ ਅੰਦਰ ਸਾਰੀ ਜਰੂਰੀ ਕਾਗਜੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਹਵਾਈ ਅੱਡੇ ਤੇ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨਾਲ ਦੁਖ ਪ੍ਰਗਟ ਕਰਨ ਪੁੱਜੇ ਟਰੱਸਟ ਦੇ ਸੇਵਾਦਾਰ ਮਨਪ੍ਰੀਤ ਸਿੰਘ ਸੰਧੂ, ਨਵਜੀਤ ਸਿੰਘ ਘਈ, ਹਰਜਿੰਦਰ ਸਿੰਘ ਹੇਰ, ਸਿਸ਼ਪਾਲ ਸਿੰਘ ਲਾਡੀ, ਪਰਮਿੰਦਰ ਸਿੰਘ ਕੜਿਆਲ ਨੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਦੱਸਿਆ ਕਿ ਉਕਤ ਮ੍ਰਿਤਕ ਲੜਕੇ ਸਮੇਤ ਟਰੱਸਟ ਵਲੋਂ ਹੁਣ ਤੱਕ 117 ਬਦਨਸੀਬ ਨੌਜੁਆਨ ਮੁੰਡੇ ਕੁੜੀਆਂ ਦੇ ਮ੍ਰਿਤਕ ਸਰੀਰ ਉਨ੍ਹਾਂ ਦੇ ਵਾਰਸਾਂ ਤੱਕ ਪਹੁੰਚਾਏ ਜਾ ਚੁੱਕੇ ਹਨ।ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ 'ਚ ਭਾਰਤੀ ਦੂਤਾਵਾਸ ਤੋਂ ਇਲਾਵਾ ਸ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨੇ ਵੀ ਜਿਕਰਯੋਗ ਭੂਮਿਕਾ ਨਿਭਾਈ ਹੈ। ਇਸੇ ਦੌਰਾਨ ਦੁਬਈ ਤੋਂ ਮ੍ਰਿਤਕ ਦੇਹ ਨਾਲ ਆਏ ਮ੍ਰਿਤਕ ਨੌਜੁਆਨ ਦੇ ਮਾਸੜ ਬਲਵਿੰਦਰ ਸਿੰਘ ਨੇ ਜਿਥੇ ਦੱਸਿਆ ਕਿ ਗੁਰਭੇਜ ਸਿੰਘ ਦੀ ਮੌਤ 14 ਮਈ ਨੂੰ ਹੋ ਚੁੱਕੀ ਸੀ ਜਦਕਿ ਮ੍ਰਿਤਕ ਸਰੀਰ 18 ਮਈ ਨੂੰ ਮਿਲਿਆ ਅਤੇ ਉਸਦੀ ਸਨਾਖਤ 28 ਮਈ ਨੂੰ ਹੋਈ। ਇਸ ਸਮੇਂ ਬਲਵਿੰਦਰ ਸਿੰਘ ਤੋਂ ਇਲਾਵਾ ਮਾਮਾ ਭੁਪਿੰਦਰ ਸਿੰਘ, ਚਾਚਾ ਬਖਸੀਸ਼ ਸਿੰਘ, ਭਰਾ ਗੁਰਜੀਤ ਸਿੰਘ, ਦਲਜਿੰਦਰ ਸਿੰਘ, ਸਤਨਾਮ ਸਿੰਘ, ਜੀਜਾ ਸੁਖਵਿੰਦਰ ਸਿੰਘ ਤੇ ਅਮਰਬੀਰ ਸਿੰਘ ਆਦਿ ਪਰਿਵਾਰਕ ਮੈਂਬਰਾਂ ਨੇ ਸ. ਓਬਰਾਏ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਪਹਿਲੀ ਵਾਰ ਅਜਿਹਾ ਇਨਸਾਨ ਦੇਖਿਆ ਹੈ ਜੋ ਬਿਨ੍ਹਾਂ ਕਿਸੇ ਸਵਾਰਥ ਦੇ ਲੋੜਵੰਦਾਂ ਦੀ ਵੱਡੀ ਤੋਂ ਵੱਡੀ ਮਦਦ ਕਰਨ ਲਈ ਹਮੇਸ਼ਾਂ ਤਿਆਰ ਰਹਿੰਦੇ ਹਨ। ਉਨ੍ਹਾਂ ਨਮ ਅੱਖਾਂ ਨਾਲ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਡਾ: ਓਬਰਾਏ ਦੇ ਇਸ ਪਰਉਪਕਾਰ ਲਈ ਸਾਰੀ ਜਿੰਦਗੀ ਰਿਣੀ ਰਹੇਗਾ। ਇਥੇ ਇਹ ਵੀ ਜਿਕਰਯੋਗ ਹੈ ਕਿ ਮ੍ਰਿਤਕ ਗੁਰਭੇਜ ਸਿੰਘ ਦਾ ਸਰੀਰ ਬਹੁਤ ਦੇਰ ਦੂਰ ਦੁਰਾਡੇ ਰੇਤ ਵਿੱਚ ਪਿਆ ਰਹਿਣ ਕਾਰਨ ਪੂਰੀ ਤਰਾਂ ਖਰਾਬ ਹੋ ਚੁੱਕਾ ਹੈ ਤੇ ਵਾਰਿਸਾਂ ਅਨੁਸਾਰ ਉਸਦਾ ਸੰਸਕਾਰ ਬੰਦ ਬਕਸੇ ਸਮੇਤ ਹੀ ਕਰ ਦਿਤਾ ਜਾਵੇਗਾ ਜਦਕਿ ਉਸਦੇ ਪਰਿਵਾਰਿਕ ਮੈਂਬਰ ਕੇਵਲ ਉਸਦਾ ਮੂੰਹ ਬਕਸੇ ਤੇ ਲੱਗੇ ਸ਼ੀਸੇ ਰਾਹੀਂ ਹੀ ਦੇਖ ਸਕਣਗੇ।