ਸੜਕ ਹਾਦਸੇ ਵਿਚ ਦਾਦੀ ਅਤੇ ਤਿੰਨ ਸਾਲਾ ਪੋਤੇ ਦੀ ਮੌਤ, ਦਾਦਾ ਗੰਭੀਰ ਜ਼ਖਮੀ

Tags: 

ਮੋਗਾ,8 ਜੂਨ (ਜਸ਼ਨ): ਅੱਜ ਮੋਗਾ ਦੇ ਪਿੰਡ ਘੋਲੀਆ ਕੋਲ ਫੂਲੇਵਾਲਾ ਪੁਲ ’ਤੇ ਹੋਏ ਹਾਦਸੇ ਦੌਰਾਨ ਇਕ ਤਿੰਨ ਸਾਲਾਂ ਦੇ ਬੱਚੇ ਅਤੇ ਉਸ ਦੀ ਦਾਦੀ ਦੀ ਮੌਤ ਹੋ ਗਈ ਜਦਕਿ ਦਾਦਾ ਗੰਭੀਰ ਜ਼ਖਮੀ ਹੋ ਗਿਆ । ਘਟਨਾਕ੍ਰਮ ਮੁਤਾਬਕ ਬਜ਼ੁਰਗ ਜੋੜਾ ਤੇ ਉਹਨਾਂ ਦਾ ਪੋਤਾ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਪਣੇ ਪਿੰਡ ਨੱਥੋਕੇ ਵਾਪਸ ਜਾ ਰਹੇ ਸਨ ਕਿ ਪਿੱਛੋਂ ਤੇਜ਼ ਰਫਤਾਰ ਆ ਰਹੇ ਕੈਟਰ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ । ਇਸ ਉਪਰੰਤ ਬੱਚੇ ਦੀ ਮੌਕੇ ’ਤੇ ਮੌਤ ਹੋ ਗਈ ਜਦਕਿ ਉਸ ਦੇ ਦਾਦਾ ਦਾਦੀ ਨੂੰ ਗੰਭੀਰ ਹਾਲਤ ਵਿਚ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਦਾਦੀ ਕੁਲਦੀਪ ਕੌਰ ਦੀ ਵੀ ਮੌਤ ਹੋ ਗਈ। ਹਾਦਸੇ ‘ਚ ਜ਼ਖਮੀ ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਅੱਜ ਦੋ ਵੱਖ ਵੱਖ ਮੋਟਰਸਾਈਕਲਾਂ ’ਤੇ ਆਪਣੇ ਪੁੱਤਰ ਸੁਖਪ੍ਰੀਤ ਦੇ ਸਹੁਰੇ ਪਿੰਡ ਧੂੜਕੋਟ ਗਏ ਸਨ । ਉਹਨਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਾਣ ਸਮੇਂ ਉਹ ਅਤੇ ਉਸ ਦੀ ਪਤਨੀ ਕੁਲਦੀਪ ਕੌਰ ਇਕ ਮੋਟਰਸਾਈਕਲ ’ਤੇ ਸਵਾਰ ਸਨ ਜਦਕਿ ਦੂਜੇ ਮੋਟਰਸਾਈਕਲ ’ਤੇ ਉਸ ਦਾ ਪੁੱਤਰ ਸੁਖਪ੍ਰੀਤ ,ਉਸ ਦੀ ਪਤਨੀ ਅਮਨਦੀਪ ਕੌਰ ਅਤੇ ਉਹਨਾਂ ਦੋਨਾਂ ਦਾ ਬੱਚਾ ਜੌਹਲਪ੍ਰੀਤ ਸਿੰਘ ਸਵਾਰ ਸੀ । ਉਸ ਨੇ ਦੱਸਿਆ ਕਿ ਵਾਪਸੀ ਸਮੇਂ ਉਹਨਾਂ ਦਾ ਪੋਤਰਾ ਆਪਣੇ ਮਾਂ ਬਾਪ ਦੇ ਮੋਟਰਸਾਈਕਲ ਦੇ ਮੋਟਰਸਾਈਕਲ ’ਤੇ ਬੈਠਣ ਦੀ ਬਜਾਏ ਉਹਨਾਂ ਨਾਲ ਮੋਟਰਸਾਈਕਲ ’ਤੇ ਬੈਠ ਗਿਆ ਤੇ ਫੂਲੇਵਾਲਾ ਪੁਲ ’ਤੇ ਇਹ ਘਟਨਾ ਵਾਪਰ ਗਈ । ਕੈਟਰ ਚਾਲਕ ਕੈਟਰ ਸਮੇਤ ਫਰਾਰ ਹੋ ਗਿਆ।