ਸਿਆਸੀ ਸ਼ਹਿ ‘ਤੇ ਪੀੜਤ ਪਰਿਵਾਰ ਵਿਰੁੱਧ ਝੂਠਾ ਪਰਚਾ ਦਰਜ ਕਰਨ ਖਿਲਾਫ਼ ਪੇਂਡੂ ਮਜਦੂਰ ਯੂਨੀਅਨ, ਪੰਜਾਬ ਨੇ ਲਗਾਈ ਇਨਸਾਫ਼ ਦੀ ਗੁਹਾਰ

Tags: 

ਸਮਾਲਸਰ,8 ਮਈ (ਪੱਤਰ ਪਰੇਰਕ): ਕੁੱਟਮਾਰ ਦਾ ਸ਼ਿਕਾਰ ਛੋਟੂ ਸਿੰਘ ਸਮਾਲਸਰ ਅਤੇ ਔਰਤਾਂ ਦੀ ਖਿੱਚ ਧੂਹ ਕਰਨ ਵਾਲੇ ਕਾਕਾ ਸਿੰਘ ਭਾਊ ਦੇ ਖਿਲਾਫ ਪੀੜਤ ਪਰਿਵਾਰ ਨੂੰ ਇਨਸਾਫ ਦਵਾਉਣ ਲਈ ਅੱਜ ਪਿੰਡ ਸਮਾਲਸਰ ਦੀਆਂ ਔਰਤਾਂ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਵਿਸ਼ਾਲ ਚੇਤਨਾ ਮਾਰਚ ਕੀਤਾ ਗਿਆ। ਇਸ ਦੌਰਾਨ ਔਰਤਾਂ ਨੂੰ ਸੰਬੋਧਨ ਕਰਦਿਆਂ ਛਿੰਦਰਪਾਲ ਕੌਰ ਰੋਡੇ ਨੇ ਆਖਿਆ ਕਿ ਪਿਛਲੇ ਦਿਨੀਂ ਖੇਤਾਂ ਵਿੱਚ ਛਿੱਟੇ ਚੁਗਣ ਗਏ ਬਜੁਰਗ ਛੋਟੂ ਸਿੰਘ ਤੇ ਉਹਨਾਂ ਦੀਆਂ ਔਰਤਾਂ ਨਾਲ ਹੈਂਕੜਬਾਜ਼ ਕਾਕਾ ਸਿੰਘ ਭਾਊ ਨੇ ਬੁਰੀ ਤਰ੍ਹਾਂ ਕੁੱਟਮਾਰ ਤੇ ਖਿੱਚ ਧੂਹ ਕੀਤੀ। ਕਥਿਤ ਦੋਸ਼ੀ ਕਾਕਾ ਸਿੰਘ ਭਾਊ ਦੇ ਖਿਲਾਫ ਥਾਣਾ ਸਮਾਲਸਰ ਦੀ ਪੁਲਿਸ ਵੱਲੋਂ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ ਉਲਟਾ ਸਿਆਸੀ ਸ਼ਹਿ ‘ਤੇ ਪੀੜਤ ਪਰਿਵਾਰ ਵਿਰੁੱਧ ਝੂਠਾ ਪਰਚਾ ਦਰਜ ਕੀਤਾ ਗਿਆ। ਪੁਲਿਸ ਦੀ ਧੱਕੇਸ਼ਾਹੀ ਵਿਰੁੱਧ ਪੀ ਐਮ ਯੂ ਤੇ ਸਹਿਯੋਗੀ ਜੱਥੇਬੰਦੀਆਂ ਨੇ ਕੁਝ ਦਿਨ ਪਹਿਲਾਂ ਥਾਣਾ ਸਮਾਲਸਰ ਦਾ ਘਿਰਾਉ ਕਰਕੇ ਸ਼ੰਘਰਸ਼ ਦਾ ਐਲਾਨ ਕੀਤਾ ਸੀ। ਉਪਰੰਤ ਰਾਜਿੰਦਰ ਕੌਰ ਕੋਟਲਾ ਅਤੇ ਪੀ ਐਸ ਯੂ ਆਗੂ ਜਗਵੀਰ ਕੌਰ ਨੇ ਆਖਿਆ ਕਿ ਸਥਾਨਕ ਪੁਲਿਸ ਸ਼ਰੇਆਮ ਧਨਾਢ ਦੋਸ਼ੀਆਂ ਦਾ ਪੱਖ ਪੂਰ ਰਹੀ ਹੈ ਅਤੇ ਆਪਣਾ ਸੰਵਿਧਾਨਕ ਫਰਜ਼ ਭੁੱਲ ਕੇ ਸਿਆਸੀ ਲੀਡਰਾਂ ਦੀ ਚਾਕਰੀ ਕਰਦੀ ਹੈ। ਜਦਕਿ ਪੁਲਿਸ ਪ੍ਰਸ਼ਾਸ਼ਨ ਆਮ ਜਨਤਾ ਨੂੰ ਇਨਸਾਫ ਦਵਾਉਣ ਲਈ ਹੈ ਪ੍ਰੰਤੂ ਸਮਾਲਸਰ ਦੀ ਪੁਲਿਸ ਬਿਲਕੁਲ ਇਨਸਾਫ ਵਿਰੋਧੀ ਸਾਬਿਤ ਹੋਈ ਹੈ। ਪੁਲਿਸ ਦੀ ਤਾਨਾਸ਼ਾਹੀ ਤੇ ਦਲਿਤ ਵਿਰੋਧੀ ਕਥਿਤ ਦੋਸ਼ੀ ਕਾਕਾ ਸਿੰਘ ਭਾਊ ਵਿਰੁੱਧ ਪਿੰਡ ਦੀਆਂ ਔਰਤਾਂ ਵੱਲੋਂ ਵਿਸ਼ਾਲ ਚੇਤਨਾ ਮਾਰਚ ਕਰਕੇ ਮੰਗ ਕੀਤੀ ਗਈ ਕਥਿਤ ਦੋਸ਼ੀ ਕਾਕਾ ਸਿੰਘ ਭਾਊ ਵਿਰੁੱਧ ਐਸ.ਸੀ /ਐਸ.ਟੀ ਐਕਟ ਤਹਿਤ ਪਰਚਾ ਦਰਜ ਕਰਕੇ ਤੁਰੰਤ ਗਿ੍ਰਫਤਾਰ ਕੀਤਾ ਜਾਵੇ। ਇਸ ਚੇਤਨਾ ਮਾਰਚ ਵਿੱਚ ਪੇਂਡੂ ਮਜਦੂਰ ਯੂਨੀਅਨ ਦੇ ਜਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ, ਪੀਐਸਯੂ ਆਗੂ ਬਿ੍ਰਜ ਲਾਲ ਰਾਜਿਆਣਾ, ਨੌਜਵਾਨ ਭਾਰਤ ਸਭਾ ਆਗੂ ਇੰਦਰ ਆਜਾਦ ਮੋਗਾ, ਗਗਨ ਲਿਖਾਰੀ ਸਮਾਲਸਰ, ਮਨਪ੍ਰੀਤ ਕੌਰ, ਬਲਜਿੰਦਰ ਕੌਰ, ਰਮਨਦੀਪ ਕੌਰ, ਪਵਨਦੀਪ ਕੌਰ, ਮੂਰਤੀ ਕੌਰ, ਦਲਜੀਤ ਕੌਰ, ਕੁਲਦੀਪ ਕੌਰ ਤੇ ਨਸੀਬ ਕੌਰ ਆਦਿ ਸਮੇਤ ਵੱਡੀ ਗਿਣਤੀ ਔਰਤਾਂ ਸ਼ਾਮਿਲ ਹੋਈਆਂ ਸਨ।