ਦਰਿਆਈ ਪਾਣੀਆਂ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਮੋਗੇ ਦੀਆਂ ਸਮਾਜ ਸੇਵੀ ਸੰਸਥਾਵਾਂ ਹੋਈਆਂ ਇੱਕਜੁਟ,12 ਮਈ ਨੂੰ ਗੁਰੂ ਨਾਨਕ ਕਾਲਜ ਮੋਗਾ ਵਿਖੇ ਹੋਵੇਗੀ ਪੰਜਾਬ ਪੱਧਰੀ ਮੀਟਿੰਗ

Tags: 

ਮੋਗਾ,8 ਮਈ (ਜਸ਼ਨ) : ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਪ੍ਰਦੂਸ਼ਿਤ ਹੋ ਰਹੇ ਦਰਿਆਈ ਪਾਣੀਆਂ, ਖਤਮ ਹੋ ਰਹੇ ਧਰਤੀ ਹੇਠਲੇ ਪਾਣੀ ਅਤੇ ਕੁਦਰਤੀ ਸਰੋਤਾਂ ਨੂੰ ਬਚਾਉਣ ਲਈ ਵਿੱਢੀ ਗਈ ਮੁਹਿੰਮ ਨੂੰ ਪੰਜਾਬ ਭਰ ਦੀਆਂ ਸਮਾਜ ਸੇਵੀ ਅਤੇ ਧਾਰਿਮਕ ਸੰਸਥਾਵਾਂ ਦਾ ਸਮਰਥਨ ਮਿਲਣਾ ਸ਼ੁਰੂ ਹੋ ਚੁੱਕਾ ਹੈ ਤੇ ਪੰਜਾਬ ਨੂੰ ਰੇਗਿਸਤਾਨ ਬਨਣ ਤੋਂ ਬਚਾਉਣ ਲਈ ਸੰਸਥਾਵਾਂ ਇਕਜੁਟ ਹੋਣੀਆਂ ਸ਼ੁਰੂ ਹੋ ਗਈਆਂ ਹਨ । ਇਸ ਸਬੰਧੀ ਅੱਜ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਰੂਰਲ ਐਨ ਜੀ ਓ ਦਫਤਰ, ਬਸਤੀ ਗੋਬਿੰਦਗੜ ਮੋਗਾ ਵਿਖੇ ਹੋਈ, ਜਿਸ ਵਿੱਚ 16 ਪ੍ਰਮੁੱਖ ਸਮਾਜ ਸੇਵੀ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਰੂਰਲ ਐਨ ਜੀ ਓ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਭਾਈ ਘਨਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਵੱਲੋਂ ਸਤਲੁਜ ਦਰਿਆ ਵਿੱਚ ਮਿਲ ਰਹੇ ਫੈਕਟਰੀਆਂ ਦੇ ਜਹਿਰੀਲੇ ਪਾਣੀ ਅਤੇ ਇਸ ਕਾਰਨ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਲੋਕਾਂ ਦੇ ਮੁੱਦੇ ਨੂੰ ਬੜੇ ਜੋਰ ਸ਼ੋਰ ਨਾਲ ਚੁੱਕਿਆ ਸੀ ਅਤੇ ਰਾਜਨੀਤਕ ਪਾਰਟੀਆਂ ਤੋਂ ਪਾਣੀਆਂ ਦੇ ਮੁੱਦੇ ਨੂੰ ਚੋਣ ਮੈਨੀਫੈਸਟੋ ਵਿੱਚ ਸ਼ਾਮਿਲ ਕਰਨ ਦੀ ਮੰਗ ਕੀਤੀ ਸੀ ਪਰ ਬੜੇ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਰਾਜਨੀਤਕ ਪਾਰਟੀ ਨੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਨਾ ਹੀ ਚੋਣ ਮੈਨੀਫੈਸਟੋ ਵਿੱਚ ਇਸ ਮੁੱਦੇ ਨੂੰ ਸ਼ਾਮਿਲ ਕੀਤਾ । ਇਸ ਮੌਕੇ ਸ਼ੀ ਐਸ.ਕੇ. ਬਾਂਸਲ ਨੇ ਕਿਹਾ ਕਿ ਜਿਲਾ ਪੱਧਰ ਤੇ ਡੀ ਸੀ ਮੋਗਾ ਦੀ ਪ੍ਰਧਾਨਗੀ ਹੇਠ ਬਣੀ ਅੰਡਰ ਗਰਾਊਂਡ ਵਾਟਰ ਕਮੇਟੀ ਦੀ ਪਿਛਲੇ ਲੰਬੇ ਸਮੇਂ ਤੋਂ ਕੋਈ ਮੀਟਿੰਗ ਨਹੀਂ ਹੋਈ ਤੇ ਰਾਜਨੀਤਕ ਪ੍ਰਭਾਵ ਅਧੀਨ ਪ੍ਰਸ਼ਾਸ਼ਨ ਇਸ ਮੁੱਦੇ ‘ਤੇ ਸਖਤ ਕਦਮ ਨਹੀਂ ਉਠਾ ਰਿਹਾ । ਇਸ ਮੌਕੇ ਹਰਪਾਲ ਸਿੰਘ ਬਰਾੜ ਨੇ ਕਿਹਾ ਕਿ ਸਾਨੂੰ ਗੁਰਬਾਣੀ ਦੇ ਉਪਦੇਸ਼ਾਂ ਨੂੰ ਮੰਨਦਿਆਂ ਹਵਾ, ਪਾਣੀ ਅਤੇ ਧਰਤੀ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ । ਗੁਰਸੇਵਕ ਸੰਨਿਆਸੀ ਨੇ ਦੱਸਿਆ ਕਿ ਇਹਨਾਂ ਮੁੱਦਿਆਂ ਨੂੰ ਲੈ ਕੇ 12 ਮਈ ਦਿਨ ਐਤਵਾਰ ਨੂੰ ਗੁਰੂ ਨਾਨਕ ਕਾਲਜ ਮੋਗਾ ਦੇ ਆਡੀਟੋਰੀਅਮ ਵਿਖੇ ਇੱਕ ਵਿਸ਼ਾਲ ਮੀਟਿੰਗ ਕੀਤੀ ਜਾ ਰਹੀ ਹੈ, ਜਿਸ ਵਿੱਚ ਮੋਗਾ ਜਿਲੇ ਦੀਆਂ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਪੰਜਾਬ ਭਰ ਤੋਂ ਉਘੇ ਵਾਤਾਵਰਣ ਪਰੇਮੀ ਸ਼ਾਮਿਲ ਹੋਣਗੇ । ਇਸ ਮੀਟਿੰਗ ਵਿੱਚ ਖਾਲਸਾ ਸੇਵਾ ਸੁਸਾਇਟੀ ਤੋਂ ਪਰਮਜੋਤ ਸਿੰਘ ਅਤੇ ਕੁਲਦੀਪ ਸਿੰਘ, ਨੈਬ ਸਿੰਘ, ਗੁਰਮੀਤ ਸਿੰਘ, ਪਰਮਜੀਤ ਬਿੱਟੂ, ਸਮਾਜ ਸੇਵਾ ਸੁਸਾਇਟੀ ਤੋਂ ਗੁਰਸੇਵਕ ਸੰਨਿਆਸੀ, ਸਵਰਨਕਾਰ ਰਾਜਪੂਤ ਸਭਾ ਤੋਂ ਸੱਤਪਾਲ ਸਿੰਘ ਕੰਡਾ, ਨਿਸ਼ਕਾਮ ਸਿੱਖ ਵੈਲਫੇਅਰ ਕੌਂਸਲ ਤੋਂ ਹਰਪਾਲ ਸਿੰਘ ਬਰਾੜ, ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਤੋਂ ਗੁਰਨਾਮ ਲਵਲੀ, ਸੀ. ਸਿਟੀਜ਼ਨ ਵੇਲਫੇਅਰ ਸੁਸਾਇਟੀ ਤੋਂ ਵੀ.ਪੀ. ਸੇਠੀ, ਹਿਊਮਨ ਰਾਈਟਸ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਤੋਂ ਸੁਨੀਲ ਸ਼ਰਮਾ ਅਤੇ ਹਰਦਿਆਲ ਸਿੰਘ, ਖੋਸਾ ਸੱਭਿਆਚਾਰਕ ਮੰਚ ਤੋਂ ਇਕਬਾਲ ਖੋਸਾ, ਕੱਸ਼ਿਅਪ ਰਾਜਪੂਤ ਸਭਾ ਤੋਂ ਨਿਰਮਲ ਮੀਨੀਆ, ਸ਼੍ੀ ਗੁਰੂ ਹਰਿਕਿਸ਼ਨ ਕਲੱਬ ਮੋਗਾ ਤੋਂ ਰਣਜੀਤ ਟੱਕਰ ਅਤੇ ਗੁਰਮੀਤ ਸਿੰਘ, ਸਰਬੱਤ ਦਾ ਭਲਾ ਤੋਂ ਹਰਜਿੰਦਰ ਚੁਗਾਵਾਂ ਅਤੇ ਸੁਖਦੇਵ ਬਰਾੜ, ਰੂਰਲ ਐਨ.ਜੀ.ਓ. ਮੋਗਾ ਤੋਂ ਮਹਿੰਦਰ ਪਾਲ ਲੂੰਬਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮੋਗਾ ਜਿਲੇ ਦੇ ਸਮਾਜ ਸੇਵੀ ਹਾਜ਼ਰ ਸਨ ।